Genesis 22

1ਇਨ੍ਹਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੇ ਆਖਿਆ, ਹੇ ਅਬਰਾਹਾਮ ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ । 2ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆਹ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ । 3ਤਦ ਅਬਰਾਹਾਮ ਨੇ ਤੜਕੇ ਉੱਠਕੇ ਆਪਣੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਥਾਨ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ ।

4ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਥਾਨ ਨੂੰ ਦੂਰੋਂ ਵੇਖਿਆ 5ਤਦ ਅਬਰਾਹਾਮ ਨੇ ਆਪਣੇ ਦਾਸਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ । ਮੈਂ ਅਤੇ ਇਹ ਮੁੰਡਾ ਥੋੜ੍ਹੀ ਦੂਰ ਅੱਗੇ ਜਾਂਵਾਂਗੇ ਅਤੇ ਉਪਾਸਨਾ ਕਰ ਕੇ ਤੁਹਾਡੇ ਕੋਲ ਮੁੜ ਆਵਾਂਗੇ । 6ਤਦ ਅਬਰਾਹਾਮ ਨੇ ਹੋਮ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅੱਗ ਅਤੇ ਛੁਰੀ ਫੜ ਲਈ ਅਤੇ ਦੋਵੇਂ ਇੱਕਠੇ ਤੁਰ ਪਏ ।

7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਨੇ ਆਖਿਆ, ਹੇ ਮੇਰੇ ਪੁੱਤਰ ਕੀ ਗੱਲ ਹੈ ? ਉਸ ਨੇ ਆਖਿਆ, ਵੇਖ, ਅੱਗ ਅਤੇ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ ? 8ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ ਤਾਂ ਓਹ ਦੋਵੇਂ ਇਕੱਠੇ ਤੁਰਦੇ ਗਏ ।

9ਓਹ ਉਸ ਸਥਾਨ ਉੱਤੇ ਜਾ ਪਹੁੰਚੇ ਜਿਹੜਾ ਪਰਮੇਸ਼ੁਰ ਨੇ ਉਹ ਨੂੰ ਦੱਸਿਆ ਸੀ । ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚਿਣ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਦੀਆਂ ਲੱਕੜੀਆਂ ਉੱਤੇ ਰੱਖ ਦਿੱਤਾ । 10ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜ੍ਹਾਵੇ

11ਤਦ ਯਹੋਵਾਹ ਦੇ ਦੂਤ ਨੇ ਅਕਾਸ਼ ਤੋਂ ਉਸ ਨੂੰ ਪੁਕਾਰਿਆ, “ਅਬਰਾਹਾਮ ਅਬਰਾਹਾਮ !” ਉਸ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ । 12ਉਸ ਨੇ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ । ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂ ਜੋ ਤੂੰ ਆਪਣੇ ਪੁੱਤਰ, ਹਾਂ, ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫ਼ਾ ਨਹੀਂ ਕੀਤਾ ।

13ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ, ਉਹ ਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜ੍ਹਾਇਆ । 14ਅਬਰਾਹਾਮ ਨੇ ਉਸ ਸਥਾਨ ਦਾ ਨਾਮ ਯਹੋਵਾਹ ਯਿਰਹ ਰੱਖਿਆ, ਅੱਜ ਤੱਕ ਵੀ ਇਹ ਕਿਹਾ ਜਾਂਦਾ ਹੈ ‘ਯਹੋਵਾਹ ਦੇ ਪਰਬਤ ਉੱਤੇ ਪ੍ਰਬੰਧ ਕੀਤਾ ਜਾਵੇਗਾ ।’

15ਫੇਰ ਯਹੋਵਾਹ ਦੇ ਦੂਤ ਨੇ ਦੂਜੀ ਵਾਰ ਅਕਾਸ਼ ਤੋਂ ਅਬਰਾਹਾਮ ਨੂੰ ਪੁਕਾਰ ਕੇ ਆਖਿਆ, 16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਂ ਆਪ ਆਪਣੀ ਸਹੁੰ ਖਾਧੀ ਹੈ, ਕਿ ਤੂੰ ਜੋ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫ਼ਾ ਨਹੀਂ ਕੀਤਾ, 17ਇਸ ਲਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਤੇ ਤਾਰਿਆਂ ਜਿੰਨ੍ਹੀਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅੱਤ ਵਧਾਵਾਂਗਾ ਅਤੇ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ।

18ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ । 19ਤਦ ਅਬਰਾਹਾਮ ਆਪਣੇ ਦਾਸਾਂ ਕੋਲ ਮੁੜ ਆਇਆ ਅਤੇ ਉਹ ਉੱਠਕੇ ਬਏਰਸਬਾ ਨੂੰ ਵਾਪਿਸ ਆਏ ਅਤੇ ਅਬਰਾਹਾਮ ਬਏਰਸਬਾ ਵਿੱਚ ਆ ਕੇ ਵੱਸਿਆ ਰਿਹਾ ।

20ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ, ਵੇਖ, ਮਿਲਕਾਹ ਨੇ ਵੀ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ ਹੈ 21ਮਿਲਕਾਹ ਦੇ ਪੁੱਤਰ ਇਹ ਸਨ, ਅਰਥਾਤ ਉਹ ਦਾ ਪਹਿਲੌਠਾ ਊਸ ਅਤੇ ਉਸ ਦਾ ਭਰਾ ਬੂਜ਼ ਅਤੇ ਕਮੂਏਲ ਜਿਹੜਾ ਅਰਾਮ ਦਾ ਪਿਤਾ ਸੀ 22ਅਤੇ ਕਸਦ, ਹਜ਼ੋ, ਪਿਲਦਾਸ, ਯਿਦਲਾਫ ਅਤੇ ਬਥੂਏਲ

23ਇਹਨਾਂ ਅੱਠ ਪੁੱਤਰਾਂ ਨੂੰ ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਜਣਿਆ ਅਤੇ ਬਥੂਏਲ ਦੇ ਰਿਬਕਾਹ ਜੰਮੀ । ਉਸ ਦੀ ਇੱਕ ਰਖ਼ੈਲ ਸੀ ਜਿਸ ਦਾ ਨਾਮ ਰੂਮਾਹ ਸੀ ਉਸ ਨੇ ਵੀ ਤਬਹ, ਗਹਮ, ਤਹਸ਼ ਅਤੇ ਮਾਕਾਹ ਨੂੰ ਜਨਮ ਦਿੱਤਾ ।

24

Copyright information for PanULB